ਇਹ ਆਸਾਵਰੀ ਠਾਟ ਦੀ ਸੰਪੂਰਣ ਜਾਤਿ ਦੀ ਰਾਗਿਣੀ ਹੈ. ਇਸ ਦੇ ਗਾਉਣ ਦਾ ਵੇਲਾ ਸੂਰਜ ਚੜ੍ਹਨ ਤੋਂ ਪਹਿਰ ਦਿਨ ਚੜ੍ਹੇ ਤੀਕ ਹੈ. ਇਸ ਵਿੱਚ ਗਾਂਧਾਰ ਧੈਵਤ ਅਤੇ ਨਿਸ਼ਾਦ ਕੋਮਲ, ਬਾਕੀ ਸੁਰ ਸ਼ੁੱਧ ਹਨ. ਆਸਾਵਰੀ ਵਿੱਚ ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਆਰੋਹੀ ਵਿੱਚ ਗਾਂਧਾਰ ਅਤੇ ਨਿਸ਼ਾਦ ਨਹੀਂ ਲਗਦਾ, ਅਵਰੋਹੀ ਵਿੱਚ ਸਾਰੇ ਸੁਰ ਲਗਦੇ ਹਨ, ਇਸ ਹਿਸਾਬ ਔੜਵ ਸੰਪੂਰਣ ਰਾਗ{168} ਹੈ.
ਆਰੋਹੀ- ਸ਼ ਰ ਮ ਪ ਧਾ ਸ਼.
ਅਵਰੋਹੀ- ਸ਼ ਨਾ ਧਾ ਪ ਮ ਗਾ ਰ ਸ਼.
ਦੇਸ਼ ਅਤੇ ਮਤ ਭੇਦ ਕਰਕੇ ਬਹੁਤਿਆਂ ਨੇ ਆਸਾਵਰੀ ਨੂੰ ਭੈਰਵ ਅਤੇ ਭੈਰਵੀ ਠਾਟ ਤੇ ਗਾਉਣਾ ਭੀ ਮੰਨਿਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਰਾਗਿਣੀ ਆਸਾ ਵਿੱਚ ਮਿਲਾਕੇ ਲਿਖੀ ਗਈ ਹੈ.
Footnotes:
{168} ਆਰੋਹੀ ਵਿੱਚ ਪੰਜ ਸੁਰ ਅਤੇ ਅਵਰੋਹੀ ਵਿੱਚ ਸੱਤ ਸੁਰ.