Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naamḋév. ਮਹਾਂਰਾਸ਼ਟਰ ਦੇ ਇਕ ਭਗਤ। Bhagat hailing from Maharashtra. ਉਦਾਹਰਨ: ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ॥ Raga Maaroo Ravidas, 1, 2:1 (P: 1106).
|
Mahan Kosh Encyclopedia |
(ਨਾਮਦੇ, ਨਾਮਦੇਉ, ਨਾਮਦੇਅ, ਨਾਮਦੇਇ) ਬੰਬਈ ਦੇ ਇਲਾਕੇ ਜਿਲਾ ਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਣਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱਚ ਨਾਮਦੇਵ ਜੀ ਦਾ ਜਨਮ ਹੋਇਆ. ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ, ਜਿਸ ਤੋਂ ਚਾਰ ਪੁਤ੍ਰ (ਨਾਰਾਯਣ, ਮਹਾਦੇਵ, ਗੋਵਿੰਦ, ਵਿੱਠਲ) ਅਤੇ ਇੱਕ ਬੇਟੀ (ਲਿੰਬਾ ਬਾਈ) ਉਪਜੇ. ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸ਼ਨੁ ਦੀ ਪੂਜਾ ਵਿੱਚ ਵੀਤੀ, ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ. ਨਾਮਦੇਵ ਜੀ ਦੀ ਉ਼ਮਰ ਦਾ ਵਡਾ ਹਿੱਸਾ ਪੰਡਰਪੁਰ (ਪੁੰਡਰੀਪੁਰ) ਵਿੱਚ (ਜੋ ਜਿਲਾ ਸ਼ੋਲਾਪੁਰ ਵਿੱਚ ਹੈ), ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ.{1261} ਦੇਖੋ- ਔਂਢੀ. ਮਰਾਠੀ (ਮਹਾਰਾਸ਼੍ਟ੍ਰ) ਭਾਸ਼ਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏਜਾਂਦੇ ਹਨ, ਜੋ “ਅਭੰਗ” ਨਾਉਂ ਤੋਂ ਪ੍ਰਸਿੱਧ ਹਨ. ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ “ਵਿੱਠਲ” ਰਹਿਂਦਾ ਸੀ, ਜਿਸ ਦੀ ਵ੍ਯਾਖ੍ਯਾ “ਬੀਠਲ” ਸ਼ਬਦ ਪੁਰ ਕੀਤੀਗਈ ਹੈ. ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਸਨ, ਅਰ ਉਨ੍ਹਾਂ ਦੀ ਯਾਦਗਾਰ ਦਾ ਅਸਥਾਨ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨ ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ. ਨਾਮਦੇਵ ਜੀ ਇੱਕ ਵਾਰ ਮੁਹ਼ੰਮਦਸ਼ਾਹ ਤੁਗ਼ਲਕ਼ ਮੁਤਅ਼ੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ. ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸ਼੍ਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ. “ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ.” (ਗੂਜ ਮਃ ੫) “ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ.” (ਸੂਹੀ ਮਃ ੪) “ਨਾਮਦੇਇ ਸਿਮਰਨੁ ਕਰਿ ਜਾਨਾ.” (ਬਿਲਾ ਨਾਮਦੇਵ) “ਨਾਮਦੇਵ ਹਰਿਜੀਉ ਬਸਹਿ ਸੰਗਿ.” (ਬਸੰ ਅ: ਮਃ ੫). Footnotes: {1261} “ਭਕ੍ਤਿ ਵਿਜਯ” ਮਹੀਪਤਿ ਕ੍ਰਿਤ ਗ੍ਰੰਥ ਵਿੱਚ ਜਨਮ ਕੱਤਕ ਸੁਦੀ ੧੧ ਸ਼ਕ ਸੰਵਤ ੧੧੯੨, ਅਤੇ ਦੇਹਾਂਤ ਹਾੜ ਵਦੀ ੧੩ ਸ਼ਕ ਸੰਵਤ ੧੨੭੨ ਦਾ ਲਿਖਿਆ ਹੈ. ਜੋ ਵਿਕ੍ਰਮੀ ੧੩੨੭ ਅਤੇ ੧੪੦੭ ਹੋਂਦਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|