(ਬਾਲਮੀਕਿ) ਵਾਲਮੀਕਿ. ਨਾਮ/n. ਵਾਲਮੀਕ (ਵਰਮੀ) ਤੋਂ ਪੈਦਾ ਹੋਇਆ{1509} ਇੱਕ ਰਿਖੀ, ਜੋ ਰਾਮਾਯਣ ਦਾ ਕਵਿ ਹੈ. ਇਸ ਨੂੰ ਆਦਿਕਵਿ ਆਖਦੇ ਹਨ.{1510} ਇਹ ਬੁੰਦੇਲਖੰਡ ਦੇ ਚਿਤ੍ਰਕੂਟ ਪਹਾੜ ਪੁਰ ਨਿਵਾਸ ਕਰਦਾ ਸੀ. ਜਦ ਰਾਮ ਨੇ ਗਰਭਵਤੀ ਸੀਤਾ ਕੱਢ ਦਿੱਤੀ, ਤਦ ਉਹ ਇਸੇ ਦੇ ਆਸ਼੍ਰਮ ਵਿੱਚ ਰਹੀ. ਸੀਤਾ ਦੇ ਜੌੜੇ ਪੁਤ੍ਰ ਲਵ ਅਤੇ ਕੁਸ਼ ਰਿਖੀ ਦੇ ਆਸ਼੍ਰਮ ਹੀ ਜਨਮੇ. ਬਾਲਮੀਕਿ ਨੇ ਦੋਹਾਂ ਬਾਲਾਕਾਂ ਨੂੰ ਸ਼ਸਤ੍ਰਵਿਦ੍ਯਾ ਅਤੇ ਸੰਗੀਤਵਿਦ੍ਯਾ ਸਿਖਾਈ.
“ਸੁਨੀ ਬਾਲਮੀਕੰ ਸ਼੍ਰੁਤੰ ਦੀਨ ਬਾਨੀ.” (ਰਾਮਾਵ)
ਦਸਮਗ੍ਰੰਥ ਵਿੱਚ ਬਾਲਮੀਕਿ ਨੂੰ ਬ੍ਰਹਮਾ ਦਾ ਅਵਤਾਰ ਲਿਖਿਆ ਹੈ-
“ਚਿਤਾਰ ਬੈਨ ਵਾਕਿਸੰ ਬਿਚਾਰ ਬਾਲਮੀਕਿ ਭ੍ਯੋ,
ਜੁਝਾਰ ਰਾਮਚੰਦ ਕੋ ਬਿਚਾਰ ਚਾਰੁ ਉੱਚਰਯੋ,
ਸੁ ਸਪ੍ਤ ਕਾਂਡ ਕੱਥਯੋ ਅਸਕ੍ਤ ਲੋਕ ਹ੍ਵੈ ਰਹ੍ਯੋ,
ਉਤਾਰ ਚਤੁਰ ਆਨਨੋ ਸੁਧਾਰ ਐਸ ਕੈ ਕਹ੍ਯੋ.”
(ਚੌਬੀਸਵਤਾਰ)
2. ਇੱਕ ਚੰਡਾਲ, ਜੋ ਭਗਤਿ ਦੇ ਪ੍ਰਭਾਵ ਰਿਖੀਆਂ ਵਿੱਚ ਗਿਣਿਆ ਗਿਆ. ਇਸ ਨੂੰ ਚੂੜ੍ਹੇ ਆਪਣਾ ਗੁਰੂ ਮੰਨਦੇ ਹਨ ਅਤੇ ਆਖਦੇ ਹਨ ਕਿ ਲਾਲਬੇਗ ਇਸੇ ਰਿਖੀ ਦਾ ਅਵਤਾਰ ਸੀ. “ਵਾਟੈ ਮਾਣਸ ਮਾਰਦਾ ਬੈਠਾ ਬਾਲਮੀਕ ਬਟਵਾੜਾ” (ਭਾਗੁ) “ਬਾਲਮੀਕੁ ਸੁਪਚਾਰੋ ਤਰਿਓ.” (ਮਾਰੂ ਮਃ ੫) 3. ਦੇਖੋ- ਬਾਲਮੀਕ.
Footnotes:
{1509} ਲਿਖਿਆ ਹੈ ਕਿ ਸਮਾਧਿ ਵਿੱਚ ਇਸਥਿਤ ਰੀਖੀ ਦੇ ਸ਼ਰੀਰ ਪੁਰ ਸਿਉਂਕ ਨੇ ਵਰਮੀ ਬਣਾ ਲਈ ਸੀ.
{1510} ਵਾਲਮੀਕਿ ਨੇ ਇੱਕ ਸ਼ਿਕਾਰੀ ਦੀ ਹਰਕਤ ਤੋਂ ਕ੍ਰੋਧ ਵਿੱਚ ਆ ਕੇ ਜੋ ਇਹ ਪਦ ਆਖੇ ਸਨ: मातिषाद प्रतिष्ठा त्वमगमः साश्नती समाः। यत् क्रींच मिधुता देक सवघीः काममो हितः॥ ਸ੍ਵਭਾਵਿਕ ਛੰਦ ਰੂਪ ਬਣ ਗਏ, ਜਿਸ ਤੋਂ ਕਵਿ ਨੇ ਪ੍ਰਸੰਨ ਹੋ ਕੇ ਇਸ ਬਹਰ ਤੇ ਗ੍ਰੰਥ ਰਚਨਾ ਕੀਤੀ.