Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sagar. ਸਗਲ, ਸਾਰੇ, ਸਭ। all. ਉਦਾਹਰਨ: ਆਨ ਉਪਾਵ ਸਗਰ ਕੀਏ ਨਹਿ ਦੂਖ ਸਾਕਹਿ ਲਾਹਿ ॥ Raga Malaar 5, 24, 2:1 (P: 1272).
|
SGGS Gurmukhi-English Dictionary |
all.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸਮਗ੍ਰ. ਵਿ. ਸਕਲ. ਸਗਲ. ਸਾਰਾ. ਸਭ. ਤਮਾਮ. “ਆਨ ਉਪਾਵ ਸਗਰ ਕੀਏ.” (ਮਲਾ ਮਃ ੫ ਪੜਤਾਲ) 2. ਨਾਮ/n. ਰਾਜਾ ਬਾਹੁ (ਅਥਵਾ- ਅਸਿਤ) ਦਾ ਪੁਤ੍ਰ, ਅਯੋਧ੍ਯਾ ਦਾ ਸੂਰਜਵੰਸ਼ੀ ਰਾਜਾ, ਜਿਸ ਦੀ ਕਥਾ ਮਹਾਭਾਰਤ ਆਦਿ ਗ੍ਰੰਥਾਂ ਵਿੱਚ ਵਿਸ੍ਤਾਰ ਨਾਲ ਲਿਖੀ ਹੈ. ਸਗਰ ਦੇ ਪਿਤਾ (ਬਾਹੁ) ਨੂੰ ਹੈਹਯਾਂ ਨੇ ਰਾਜਧਾਨੀ ਤੋਂ ਬਾਹਰ ਕੱਢ ਦਿੱਤਾ ਸੀ. ਬਾਹੁ ਬਣ ਵਿੱਚ ਆਪਣੀਆਂ ਇਸਤ੍ਰੀਆਂ ਸਮੇਤ ਜਾ ਰਿਹਾ. ਸਗਰ ਦੀ ਮਾਤਾ ਓਦੋਂ ਗਰਭਵਤੀ ਸੀ. ਇੱਕ ਸੌਕਣ ਨੇ ਸਾੜਾ ਕਰਕੇ ਉਸ ਨੂੰ ਕੋਈ ਜ਼ਹਿਰ ਦੇ ਦਿੱਤੀ, ਜਿਸ ਨਾਲ ਉਸ ਦਾ ਗਰਭ ਰੁਕ ਗਿਆ. ਇਸ ਕਾਰਣ ਸਗਰ ਸੱਤ ਵਰ੍ਹੇ ਮਾਤਾ ਦੇ ਉਦਰ ਵਿੱਚ ਰਿਹਾ ਅਤੇ ਇਸ ਸਮੇ ਅੰਦਰ ਬਾਹੁ ਮਰ ਗਿਆ. ਗਰਭਵਤੀ ਰਾਣੀ ਨੇ ਆਪਣੇ ਪਤੀ ਨਾਲ ਸੜਨਾ ਚਾਹਿਆ, ਪਰ ਔਰਵ ਰਿਖੀ ਨੇ ਉਸ ਨੂੰ ਰੋਕਿਆ ਅਤੇ ਆਖਿਆ ਕਿ ਤੇਰੇ ਉਦਰ ਵਿਚੋਂ ਇੱਕ ਪ੍ਰਤਾਪੀ ਬਾਲਕ ਜਨਮ ਲਵੇਗਾ. ਜਦ ਇਹ ਬਾਲਕ ਜਨਮਿਆ ਤਾਂ ਰਿਖੀ ਨੇ ਨਾਉਂ ਸਗਰ (ਸ-ਸਹਿਤ, ਗਰ-ਜ਼ਹਿਰ) ਰੱਖਿਆ, ਕਿਉਂਕਿ ਸੌਕਣ ਦੀ ਦਿੱਤੀ ਹੋਈ ਜ਼ਹਿਰ ਭੀ ਨਾਲ ਹੀ ਗਰਭੋਂ ਬਾਹਰ ਆਈ ਸੀ. ਜਦ ਸਗਰ ਨੇ ਜਵਾਨ ਹੋਕੇ ਆਪਣੇ ਪਿਤਾ ਦੀ ਕਥਾ ਸੁਣੀ, ਤਾਂ ਉਸ ਨੇ ਪ੍ਰਣ ਕੀਤਾ ਕਿ ਮੈ ਹੈਹਯਾਂ ਅਤੇ ਹੋਰ ਰਾਖਸਾਂ ਤੋਂ ਪ੍ਰਿਥਿਵੀ ਖਾਲੀ ਕਰ ਦੇਵਾਂਗਾ ਅਤੇ ਆਪਣੇ ਪਿਤਾ ਦਾ ਸਾਰਾ ਰਾਜ ਵਾਪਿਸ ਲਵਾਂਗਾ. ਔਰਵ ਰਿਖੀ ਤੋਂ ਉਸ ਨੇ ਅਗਨਿ ਅਸਤ੍ਰ ਲੈਕੇ ਸਭ ਹੈਹਯਾਂ ਨੂੰ ਮਾਰ ਮੁਕਾਇਆ, ਅਤੇ ਆਪਣਾ ਰਾਜ ਸਾਂਭ ਲੀਤਾ. ਸਗਰ ਨੇ ਸ਼ਕ, ਯਵਨ, ਕਾਂਬੋਜ, ਪਾਰਦ ਅਤੇ ਪਹ੍ਲਵ ਸਾਰਿਆਂ ਦਾ ਨਾਸ਼ ਕਰ ਦੇਣਾ ਸੀ, ਪਰ ਵਸਿਸ਼੍ਠ ਰਿਖੀ ਦੇ ਕਹਿਣ ਪੁਰ ਉਸ ਨੇ ਉਨ੍ਹਾਂ ਨੂੰ ਇਸ ਸ਼ਰਤ ਤੇ ਛੱਡ ਦਿੱਤਾ ਕਿ ਯਵਨ ਆਪਣਾ ਸਾਰਾ ਸਿਰ ਮੁਨਾ ਲੈਣ, ਸ਼ਕ ਉੱਪਰਲੇ ਪਾਸਿਓਂ ਅੱਧਾ ਮੁਨਾਉਣ, ਪਾਰਦ ਲੰਮੇ ਕੇਸ਼ ਅਤੇ ਪਹ੍ਲਵ ਲੰਮੀਆਂ ਦਾੜ੍ਹੀਆਂ ਰੱਖਣ. ਸਗਰ ਨੇ ਦੋ ਵਿਆਹ ਕੀਤੇ ਇੱਕ ਤਾਂ ਕਸ਼੍ਯਪ ਦੀ ਪੁਤ੍ਰੀ ਸੁਮਤਿ ਨਾਲ ਅਤੇ ਦੂਸਰਾ ਰਾਜਾ ਵਿਦਰਭ ਦੀ ਪੁਤ੍ਰੀ ਕੇਸ਼ਿਨੀ ਨਾਲ, ਪਰ ਉਨ੍ਹਾਂ ਤੋਂ ਕੋਈ ਪੁਤ੍ਰ ਨਾ ਹੋਣ ਕਰਕੇ ਉਸ ਨੇ ਔਰਵ ਰਿਖੀ ਦੀ ਓਟ ਲਈ. ਔਰਵ ਨੇ ਕਿਹਾ ਕਿ ਇੱਕ ਇਸਤ੍ਰੀ ਨੂੰ ਤਾਂ ਇੱਕੋ ਪੁਤ੍ਰ ਹੋਵੇਗਾ ਪਰ ਦੂਸਰੀ ਦੇ ਘਰ ੬੦੦੦੦ ਪੁਤ੍ਰ ਹੋਣਗੇ. ਕੇਸ਼ਿਨੀ ਨੇ ਕਿਹਾ ਕਿ ਮੇਰੇ ਘਰ ਤਾਂ ਇੱਕੋ ਹੋਵੇ, ਤਾਂ ਉਸ ਦੇ ਘਰ ਇੱਕ ਪੁਤ੍ਰ ਅਸਮੰਜਸ ਹੋਇਆ ਅਰ ਸੁਮਤਿ ਦੇ ੬੦੦੦੦ ਪੁਤ੍ਰ ਹੋਏ. ਅਸਮੰਜਸ ਵਡਾ ਕੁਕਰਮੀ ਸੀ ਇਸ ਲਈ ਸਗਰ ਨੇ ਉਸ ਨੂੰ ਤ੍ਯਾਗ ਦਿੱਤਾ. ਬਾਕੀ ਸੱਠ ਹਜ਼ਾਰ ਪੁਤ੍ਰਾਂ ਨੇ ਭੀ ਐਸਾ ਉਪਦ੍ਰਵ ਮਚਾਇਆ ਕਿ ਦੇਵਤਿਆਂ ਨੇ ਇਨ੍ਹਾਂ ਦੀ ਕਪਿਲ ਰਿਖੀ ਅਤੇ ਵਿਸ਼ਨੁ ਪਾਸ ਸ਼ਕਾਇਤ ਕੀਤੀ. ਸਗਰ ਨੇ ਅਸ੍ਵਮੇਧ ਯੱਗ ਕੀਤਾ ਅਤੇ ਘੋੜੇ ਦੀ ਰਾਖੀ ਕਰਨ ਵਾਲੇ ਭਾਵੇਂ ਉਸ ਦੇ ੬੦੦੦੦ ਪੁਤ੍ਰ ਭੀ ਸਨ, ਪਰ ਤਦ ਭੀ ਇੰਦ੍ਰ ਕਰਕੇ ਘੋੜਾ ਪਾਤਾਲ ਵਿੱਚ ਪਹੁਚਾਇਆ ਗਿਆ. ਸਗਰ ਨੇ ਆਪਣੇ ਪੁਤ੍ਰਾਂ ਨੂੰ ਘੋੜਾ ਲੱਭਣ ਲਈ ਆਖਿਆ, ਉਨ੍ਹਾਂ ਨੇ ਪਾਤਾਲ ਤਕ ਪ੍ਰਿਥਿਵੀ ਨੂੰ ਪੁੱਟ ਸੁੱਟਿਆ ਅਤੇ ਹੇਠਾਂ ਜਾਕੇ ਕੀ ਦੇਖਿਆ ਕਿ ਘੋੜਾ ਤਾਂ ਚਰ ਰਿਹਾ ਹੈ ਅਰ ਉਸ ਦੇ ਪਾਸ ਹੀ ਕਪਿਲ ਰਿਖੀ ਸਮਾਧੀ ਲਾਈ ਬੈਠਾ ਹੈ. ਇਹ ਸਮਝਕੇ ਕਿ ਘੋੜੇ ਦਾ ਚੋਰ ਇਹੀ ਹੈ, ਉਨ੍ਹਾਂ ਨੇ ਕਪਿਲ ਨੂੰ ਭੈ ਦੇਣ ਦਾ ਯਤਨ ਕੀਤਾ. ਗੁੱਸੇ ਵਿੱਚ ਆਕੇ ਰਿਖੀ ਨੇ ਜਦ ਸਗਰ ਦੇ ਪੁਤ੍ਰਾਂ ਵੱਲ ਤੱਕਿਆ, ਤਾਂ ਰਿਖੀ ਦੇ ਅੰਦਰੋਂ ਅੱਗ ਪ੍ਰਗਟ ਹੋਈ, ਜਿਸ ਨਾਲ ਉਹ ਸਾਰੇ ਭਸਮ ਹੋਗਏ. ਜਦ ਘੋੜਾ ਚਿਰ ਤੀਕ ਵਾਪਿਸ ਨਾ ਆਇਆ, ਤਦ ਸਗਰ ਨੇ ਆਪਣਾ ਪੋਤਾ ਅੰਸ਼ੁਮਾਨ ਤਲਾਸ਼ ਲਈ ਭੇਜਿਆ, ਉਸ ਨੇ ਆਪਣੇ ਚਾਚਿਆਂ ਦੀਆਂ ਹੱਡੀਆਂ ਕਪਿਲ ਦੇ ਆਸ਼੍ਰਮ ਪਾਸ ਢੇਰੀ ਹੋਈਆਂ ਦੇਖੀਆਂ. ਅੰਸ਼ੁਮਾਨ ਨੇ ਦੁਖੀ ਹੋਕੇ ਕਪਿਲ ਅੱਗੇ ਅਰਦਾਸ ਕੀਤੀ ਕਿ ਇਨ੍ਹਾਂ ਨੂੰ ਕਿਸੇ ਤਰਾਂ ਸ੍ਵਰਗਲੋਕ ਪ੍ਰਾਪਤ ਹੋਵੇ. ਕਪਿਲ ਨੇ ਭਰੋਸਾ ਦਿੱਤਾ ਕਿ ਤੇਰਾ ਪੋਤ੍ਰਾ ਗੰਗਾ ਨੂੰ ਪ੍ਰਿਥਿਵੀ ਤੇ ਲਿਆਵੇਗਾ ਤਾਂ ਇਨ੍ਹਾਂ ਦੀ ਗਤਿ ਹੋਵੇਗੀ. ਅੰਸ਼ੁਮਾਨ ਘੋੜਾ ਲੈਕੇ ਸਗਰ ਪਾਸ ਪਹੁਚਿਆ ਅਤੇ ਯਗ੍ਯ ਸੰਪੂਰਣ ਹੋਇਆ. ਉਸ ਵਡੇ ਖਾਤ (ਗਰਤ) ਦਾ, ਜੇਹੜਾ ਕਿ ੬੦੦੦੦ ਪੁਤ੍ਰਾਂ ਨੇ ਖੋਦਿਆ ਸੀ, ਨਾਉਂ ਸਾਗਰ ਰੱਖ ਦਿੱਤਾ, ਜੋ ਹੁਣ ਸਮੁੰਦਰ ਹੈ. ਅੰਸ਼ੁਮਾਨ ਦਾ ਪੁਤ੍ਰ ਦਿਲੀਪ ਅਤੇ ਉਸ ਦਾ ਪੁਤ੍ਰ ਭਗੀਰਥ ਹੋਇਆ. ਭਗੀਰਥ ਦੇ ਪੁੰਨ ਕਰਮਾਂ ਕਰਕੇ ਗੰਗਾ ਸ੍ਵਰਗਲੋਕ ਤੋਂ ਉਤਰੀ ਅਤੇ ਉਸ ਦੇ ਜਲ ਨਾਲ ਸਗਰ ਦੇ ਪੁਤ੍ਰਾਂ ਦੀ ਭਸਮ ਤਰ ਹੋਈ ਜਿਸ ਤੋਂ ਉਹ ਮੁਕ੍ਤਿ ਨੂੰ ਪ੍ਰਾਪਤ ਹੋਏ.{255} ਸਗਰ ਦੇ ਕਾਰਣ ਗੰਗਾ ਦਾ ਨਾਉਂ ਸਾਗਰਾ ਅਤੇ ਭਗੀਰਥ ਕਰਕੇ ਭਾਗੀਰਥੀ ਹੋਇਆ. ਹਰਿਵੰਸ਼ ਵਿੱਚ ਇੱਕ ਹੋਰ ਹੀ ਅਚੰਭੇ ਦੀ ਗੱਲ ਲਿਖੀ ਹੈ ਕਿ ਸਗਰ ਦੀ ਇਸਤ੍ਰੀ ਸੁਮਤਿ ਨੂੰ ਇੱਕ ਤੂੰਬਾ ਜੰਮਿਆ ਜਿਸ ਵਿੱਚ ੬੦੦੦੦ ਬੀਜ ਸਨ, ਜਿਨ੍ਹਾਂ ਨੂੰ ਸਗਰ ਨੇ ਘੀ ਦੇ ਭਾਡਿਆਂ ਵਿੱਚ ਅੱਡ ਅੱਡ ਰੱਖ ਦਿੱਤਾ ਅਤੇ ੧੦ ਮਹੀਨਿਆਂ ਪਿਛੋਂ ਇਹ ਸਾਰੇ ਬਾਲਕ ਹੋਕੇ ਆਪ ਹੀ ਦੌੜਨ ਭੱਜਣ ਲੱਗ ਪਏ. “ਲਹਿ ਸਗਰ ਬੀਰ, ਚਿਤ ਹ੍ਵੈ ਅਧੀਰ.” (ਪ੍ਰਿਥੁਰਾਜ). Footnotes: {255} ਗੰਗਾ ਵਿੱਚ ਮ੍ਰਿਤਕ ਪ੍ਰਾਣੀ ਦੀਆਂ ਹੱਡੀਆਂ ਪਾਉਣ ਦੀ ਰੀਤਿ ਦਾ ਮੁੱਢ, ਇਹੀ ਕਥਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|