Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Som. 1. ਚੰਦਰਮਾ। 2. ਆਪ, ਆਪਣੇ ਆਪ। 1. Moon. 2. himself, self. ਉਦਾਹਰਨਾ: 1. ਸੂਰ ਸੁਰ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥ (ਚੰਦਰਮਾ ਦਾ ਸੁਰ ਭਾਵ ਪਿੰਗਲ). Raga Maaroo 1, 9, 1:1 (P: 991). 2. ਕਰਹਿ ਸੋਮ ਪਾਕੁ ਹਿਰਹਿ ਪਰ ਦਰਬਾ ਅੰਤਰਿ ਝੂਠਿ ਗੁਮਾਨ ॥ Raga Saarang 5, Baavan Akhree, 2, 2:1 (P: 1203).
|
SGGS Gurmukhi-English Dictionary |
1. moon. 2. self. 3. left nostril.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਰਿਗਵੇਦ ਅਨੁਸਾਰ ਇਹ ਇੱਕ ਬੂਟੀ, ਅਤੇ ਉਸਦੇ ਨਸ਼ੀਲੇ ਰਸ ਦਾ ਨਾਉਂ ਹੈ, ਜੋ ਸੋਮ ਬੂਟੀ ਜਾਂ ਵੱਲੀ ਵਿੱਚੋਂ ਨਿਚੋੜਕੇ ਦੇਵਤਿਆਂ ਨੂੰ ਚੜ੍ਹਾਇਆ ਜਾਂਦਾ ਹੈ. ਇਹ ਭਿੰਨੀ ਭਿੰਨੀ ਖੁਸ਼ਬੂ ਵਾਲਾ ਹੁੰਦਾ ਹੈ ਅਤੇ ਪੁਰੋਹਿਤ ਅਰ ਦੇਵਤੇ ਸਭ ਇਸ ਨੂੰ ਪਸੰਦ ਕਰਦੇ ਹਨ, ਰਿਗਵੇਦ ਵਿੱਚ ਸੋਮਰਸ ਦਾ ਹਾਲ ਵਡੇ ਵਿਸਤਾਰ ਨਾਲ ਲਿਖਿਆ ਹੈ. ਵੈਦਿਕ ਰਿਖੀ ਇਸ ਨੂੰ ਬਲ ਦੇਣ ਵਾਲਾ, ਰੋਗਾਂ ਦੇ ਨਾਸ਼ ਕਰਨ ਵਾਲਾ, ਦੌਲਤ ਦੇਣ ਵਾਲਾ ਅਤੇ ਦੇਵਤਿਆਂ ਦਾ ਗੁਰੂ ਜਾਣਨ ਲਗ ਪਏ ਸਨ. ਦੇਵਤਾ ਹੋਣ ਦੀ ਹਾਲਤ ਵਿੱਚ ਇਹ ਉਹ ਦੇਵਤਾ ਹੈ, ਜੋ ਸੋਮਰਸ ਵਿੱਚ ਇਹ ਸਾਰੀਆਂ ਸ਼ਕਤੀਆਂ ਪਾਉਂਦਾ ਹੈ.{436} ਦੇਖੋ- ਸੋਮਵੱਲੀ। 2. ਪਿੱਛੇ ਜੇਹੇ ਆਕੇ ਚੰਦ੍ਰਮਾ ਦਾ ਨਾਉਂ “ਸੋਮ” ਰੱਖਿਆ ਗਿਆ ਅਰ ਉਸ ਨੂੰ ਸਾਰੀ ਬੂਟੀਆਂ ਦਾ ਦੇਵਤਾ ਥਾਪਿਆ ਗਿਆ. ਪੁਰਾਣਾਂ ਵਿੱਚ ਲਿਖਿਆ ਹੈ ਕਿ ਸੋਮ ਅਤ੍ਰਿ ਰਿਖੀ ਦਾ ਪੁਤ੍ਰ ਅਨੁਸੂਯਾ ਦੇ ਉਦਰ ਵਿੱਚੋਂ ਸੀ, ਕਿਤੇ ਲਿਖਿਆ ਹੈ ਕਿ ਅਤ੍ਰਿ ਦੇ ਨੇਤ੍ਰ ਜਲ ਤੋਂ ਇਸਦੀ ਉਤਪੱਤੀ ਹੋਈ.{437} ਪਰ ਇਸ ਗੱਲ ਤੇ ਸਾਰਿਆਂ ਦਾ ਇੱਕ ਮਤ ਨਹੀਂ. ਕਿਤੇ ਧਰਮ ਦਾ ਪੁਤ੍ਰ, ਕਿਤੇ ਅਤ੍ਰਿ ਵੰਸ਼ ਦੇ ਪ੍ਰਭਾਕਰ ਦਾ ਪੁਤ੍ਰ ਮੰਨਿਆ ਹੈ, ਪਰ ਵ੍ਰਿਹਦਾਰਣ੍ਯਕ ਵਿੱਚ ਇਸ ਨੂੰ ਛਤ੍ਰੀ ਕਰਕੇ ਜਾਣਿਆ ਹੈ. ਇਸ ਨੇ ਦਕ੍ਸ਼ ਦੀਆਂ ੨੭ ਲੜਕੀਆਂ ਨਾਲ ਵਿਆਹ ਕੀਤਾ, ਪਰ ਰੋਹਿਣੀ ਨੂੰ ਇਹ ਇਤਨਾ ਪਿਆਰ ਕਰਨ ਲੱਗਾ ਕਿ ਬਾਕੀ ਦੀਆਂ ਨੇ ਗੁੱਸਾ ਖਾਕੇ ਆਪਣੇ ਪਿਤਾ ਅੱਗੇ ਸ਼ਕਾਇਤ ਕੀਤੀ. ਦਕ੍ਸ਼ ਨੇ ਸੁਲਹ ਕਰਾਉਣੀ ਚਾਹੀ, ਪਰ ਸੋਮ ਨੇ ਨਾ ਮੰਨਿਆ, ਤਾਂ ਦਕ੍ਸ਼ ਨੇ ਆਪਣੇ ਜਵਾਈ ਨੂੰ ਸਰਾਪ ਦੇ ਦਿੱਤਾ ਕਿ ਤੇਰੇ ਘਰ ਕੋਈ ਬਾਲਕ ਨਾ ਹੋਵੇ ਅਰ ਤੈਨੂੰ ਖਈ ਰੋਗ ਲੱਗਾ ਰਹੇ. ਇਹ ਸੁਣਕੇ ਇਸ ਦੀਆਂ ਇਸਤ੍ਰੀਆਂ ਨੂੰ ਤਰਸ ਆਇਆ ਅਤੇ ਉਨ੍ਹਾਂ ਨੇ ਪਿਤਾ ਨੂੰ ਆਖਿਆ ਕਿ ਖਿਮਾ ਕਰੋ. ਦਕ੍ਸ਼ ਆਪਣੇ ਸਰਾਪ ਨੂੰ ਤਾਂ ਨਾ ਮੋੜ ਸਕਿਆ, ਪਰ ਇਹ ਕਹਿ ਦਿੱਤਾ ਕਿ ਇਹ ਹੌਲੇ ਹੌਲੇ ਖੀਣ ਹੋਵੇਗਾ. ਇਸੇ ਲਈ ਚੰਦ੍ਰਮਾ ਵਧਦਾ ਅਤੇ ਘਟਦਾ ਹੈ. ਇੱਕ ਵਾਰ ਸੋਮ ਨੇ ਰਾਜਸੂਯ ਯੱਗ ਕੀਤਾ ਅਰ ਅਭਿਮਾਨ ਵਿੱਚ ਆਕੇ ਦੇਵਗੁਰੂ ਵ੍ਰਿਹਸਪਤਿ ਦੀ ਇਸਤ੍ਰੀ ਤਾਰਾ ਨੂੰ ਚੁਰਾ ਲਿਆਇਆ ਅਤੇ ਉਸ ਨੂੰ ਉਸ ਦੇ ਪਤਿ ਦੇ ਆਖੇ ਤਾਂ ਕਿਧਰੇ ਰਿਹਾ, ਬ੍ਰਹਮਾ ਦੇ ਆਖੇ ਭੀ ਨਾ ਮੋੜਿਆ. ਇਸ ਗੱਲ ਪੁਰ ਲੜਾਈ ਹੋਪਈ ਅਤੇ ਸ਼ੁਕ੍ਰ ਨੇ (ਜਿਸ ਦਾ ਵ੍ਰਿਹਸਪਤਿ ਨਾਲ ਵੈਰ ਸੀ) ਸੋਮ ਦੀ ਮਦਦ ਕੀਤੀ ਅਤੇ ਹੋਰ ਦਾਨਵ ਭੀ ਸੋਮ ਵੱਲ ਹੋਏ ਅਰ ਵ੍ਰਿਹਸਪਤਿ ਵੱਲ ਇੰਦ੍ਰ ਤੇ ਦੇਵਤੇ ਹੋਏ. ਐਸਾ ਘੋਰ ਯੁੱਧ ਮਚਿਆ ਕਿ ਸਾਰੀ ਪ੍ਰਿਥਿਵੀ ਹਿੱਲ ਗਈ. ਸ਼ਿਵ ਨੇ ਆਪਣੇ ਤ੍ਰਿਸੂਲ ਨਾਲ ਸੋਮ ਦੇ ਦੋ ਟੋਟੇ ਕਰ ਦਿੱਤੇ. ਏਸੇ ਲਈ ਇਸ ਨੂੰ “ਭਗਨਾਤਮਾ” ਭੀ ਆਖਦੇ ਹਨ. ਅੰਤ ਵਿੱਚ ਬ੍ਰਹਮਾ ਨੇ ਵਿੱਚ ਪੈਕੇ ਸੁਲਹ ਕਰਵਾਈ ਅਤੇ ਤਾਰਾ ਵ੍ਰਿਹਸਪਤਿ ਨੂੰ ਦਿਵਾਈ. ਚੰਦ੍ਰਮਾ ਦੇ ਵੀਰਯ ਤੋਂ ਤਾਰਾ ਦੇ ਉੱਦਰ ਵਿੱਚੋਂ ਇੱਕ ਬਾਲਕ ਹੋਇਆ, ਜਿਸ ਦਾ ਨਾਉਂ ਬੁਧ ਰੱਖਿਆ ਜਿਸ ਤੋਂ ਚੰਦ੍ਰਵੰਸ਼ ਚੱਲਿਆ. ਪੁਰਾਣਾਂ ਵਿੱਚ ਲਿਖਿਆ ਹੈ ਕਿ ਸੋਮ ਦੇ ਰਥ ਦੇ ਤਿੰਨ ਪਹੀਏ ਹਨ ਅਤੇ ਚੰਬੇਲੀ ਜੇਹੇ ਚਿੱਟੇ ੧੦ ਘੋੜੇ ਇਸ ਨੂੰ ਖਿਚਦੇ ਹਨ, ਜਿਨ੍ਹਾਂ ਵਿੱਚੋਂ ਪੰਜ ਇੱਕ ਪਾਸੇ ਅਤੇ ਪੰਜ ਦੂਜੇ ਪਾਸੇ ਲਗਦੇ ਹਨ. “ਹਿਤ ਸੋਂ ਤਮ ਸੋਮ ਕੇ ਪਾਸ ਬਸ੍ਯੋ, ਮੁਖ ਪੰਕਜ ਪੈ ਮਧੁ ਪੁੰਜ ਸੁਹਾਹੀਂ.” (ਨਾਪ੍ਰ) ਸਤਿਗੁਰੂ ਜੀ ਦੇ ਗੋਰੇ ਮੁਖ ਤੇ ਕਾਲੀ ਦਾੜੀ ਨਹੀਂ, ਮਾਨੋ ਚੰਦ੍ਰਮਾ ਪਾਸ ਹਨ੍ਹੇਰਾ ਆ ਵਸਿਆ ਹੈ, ਜਾਂ ਕਮਲ ਤੇ ਭੌਰੇ ਸੋਭਾ ਦੇ ਰਹੇ ਹਨ। 3. ਅਮ੍ਰਿਤ। 4. ਕਪੂਰ। 5. ਸ੍ਵਰਗ। 6. ਸ਼ਿਵ। 7. ਕੁਬੇਰ। 8. ਯਮ। 9. ਪਵਨ। 10. ਜਲ। 11. ਯੋਗੀਆਂ ਦੇ ਸੰਕੇਤ ਅਨੁਸਾਰ ਖੱਬਾ ਸੁਰ, ਜਿਸ ਦਾ ਦੇਵਤਾ ਚੰਦ੍ਰਮਾ ਹੈ. “ਸੋਮ ਸਰੁ ਪੋਖਿਲੈ.” (ਮਾਰੂ ਮਃ ੧) ਖੱਬੇ ਸ੍ਵਰ ਨਾਲ ਪ੍ਰਾਣਾਂ ਨੂੰ ਪੋਸ਼ਣ ਕਰ ਲੈ, ਭਾਵ- ਚੜ੍ਹਾ ਲੈ. ਦੇਖੋ- ਸੂਰਸਰੁ. Footnotes: {436} ਦੇਖੋ- ਰਿਗਵੇਦ ਮੰਡਲ ੮, ਮੰਤ੍ਰ 2. ਮੰਡਲ ੯, ਮੰਤ੍ਰ ੨ ਤੋਂ ੨੪. ਮੰਤ੍ਰ ੬੨ ਤੋਂ ੬੪. ਮੰਤ੍ਰ ੯੫ ਤੋਂ ੧੦੮. {437} ਦੇਖੋ- ਅਤ੍ਰਿ.
Mahan Kosh data provided by Bhai Baljinder Singh (RaraSahib Wale);
See https://www.ik13.com
|
|