ਅ਼. [ہمِیر] ਵਿ. ਸੁੰਦਰ. ਮਨੋਹਰ। 2. ਸ਼ਿਕਸ੍ਤ ਦੇਣ ਵਾਲਾ. ਜਿੱਤਣ ਵਾਲਾ. “ਹਾਠ ਹਮੀਰ.” (ਕਲਕੀ) ਹਠੀਆ ਅਤੇ ਵਿਜਯੀ।
3. ਨਾਮ/n. ਰਨਥੰਭੌਰ (ਰਣਸ੍ਤੰਭਗਢ) ਦਾ ਚੌਹਾਨ ਰਾਜਪੂਤ ਰਾਜਾ, ਜੋ ਹੀਰਾ ਦੇਵੀ ਦੇ ਉਦਰ ਤੋਂ ਜੈਤ੍ਰ ਸਿੰਘ (ਜਯਤਰਾਯ) ਦਾ ਪੁਤ੍ਰ ਅਤੇ ਆਸ਼ਾ ਦੇਵੀ ਦਾ ਪਤਿ ਸੀ. ਇਸ ਦਾ ਜਨਮ ਕੱਤਕ ਸੁਦੀ ੧੨, ਸੰਮਤ ੧੩੨੮ ਨੂੰ ਹੋਇਆ. ਪਿਤਾ ਦੇ ਵਨਵਾਸ ਲੈਣ ਪੁਰ, ਹਮੀਰ ਰਣਥੰਭੌਰ ਦੀ ਗੱਦੀ ਤੇ ਬੈਠਾ ਅਤੇ ਆਪਣੇ ਸਮੇ ਵਿੱਚ ਦਾਨੀ, ਸ਼ੂਰਵੀਰ, ਪ੍ਰਤਿਗ੍ਯਾ ਪਾਲਕ ਅਤੇ ਨ੍ਯਾਯਕਾਰੀ ਪ੍ਰਸਿੱਧ ਹੋਇਆ.
ਦਿੱਲੀ ਪਤਿ ਬਾਦਸ਼ਾਹ ਅਲਾਉੱਦੀਨ ਖ਼ਲਜੀ ਦਾ ਇੱਕ ਅਹਿਲਕਾਰ ਮੁਹੰਮਦ ਸ਼ਾਹ (ਜਿਸ ਦੇ ਨਾਮ ਮੀਰ ਮੁਹੰਮਦ ਅਤੇ ਮਹਿਮਾ ਸ਼ਾਹ ਭੀ ਲਿਖੇ ਹਨ), ਵਿਭਚਾਰ ਦੋਸ਼ ਕਰਕੇ ਜਲਾਵਤਨ ਕੀਤਾ ਗਿਆ, ਉਸ ਨੇ ਹੋਰ ਥਾਂ ਕਿਤੇ ਆਸਰਾ ਨਾ ਤੱਕਕੇ ਬਹਾਦੁਰ ਹਮੀਰ ਦੀ ਸ਼ਰਣ ਲਈ, ਅਰ ਹਮੀਰ ਨੇ ਉਸਨੂੰ ਦਾਨ ਸਨਮਾਨ ਦੇ ਕੇ ਆਪਣੇ ਪਾਸ ਰੱਖਿਆ. ਅਲਾਉੱਦੀਨ ਨੇ ਹਮੀਰ ਪਾਸੋਂ ਮੀਰਮੁਹੰਮਦ ਮੰਗਿਆ, ਹਮੀਰ ਨੇ ਕਿਹਾ ਕਿ ਭਾਵੇਂ ਸੂਰਜ ਅਪਨੀ ਚਾਲ ਬਦਲ ਲਵੇ, ਪਰ ਹਮੀਰ ਸ਼ਰਣਾਗਤ ਨੂੰ ਨਹੀਂ ਦੇਵੇਗਾ. ਇਸ ਪੁਰ ਅਲਾਉੱਦੀਨ ਨੇ ਚੜ੍ਹਾਈ ਕੀਤੀ ਅਤੇ ਹਮੀਰ ਵਡੀ ਵੀਰਤਾ ਨਾਲ ਮੁਹੰਮਦ ਸ਼ਾਹ ਸਮੇਤ.{499} ਸਾਵਨ ਸੰਮਤ ੧੩੫੮ (ਸਨ ੧੩੦੧) ਵਿੱਚ ਸ਼ਹੀਦ ਹੋਇਆ. “ਤਿਰਿਯਾ ਤੇਲ ਹਮੀਰ ਹਠ ਚਢਤ ਨ ਦੂਜੀ ਵਾਰ.” (ਲੋਕੋ) ਹਮੀਰ ਦੇ ਦਰਬਾਰੀ ਕਵਿ ਸਾਰੰਗਧਰ ਨੇ ਸੰਸਕ੍ਰਿਤ ਦੇ ਗ੍ਰੰਥ “ਹੱਮੀਰ ਕਾਵ੍ਯ” ਅਤੇ ਹਿੰਦੀ ਗ੍ਰੰਥ “ਹੱਮੀਰ ਰਾਸਾ” ਵਿੱਚ ਹਮੀਰ ਦੀ ਮਨੋਹਰ ਕਥਾ ਲਿਖੀ ਹੈ.
4. ਇੱਕ ਮੇਵਾਰ ਦਾ ਰਾਜਾ, ਇਹ ਭੀ ਅਲਾਉੱਦੀਨ ਖਿਲਜੀ ਦੇ ਸਮੇਂ ਹੋਇਆ ਹੈ. ਇਹ ਬਾਦਸ਼ਾਹ ਦੇ ਸੂਬੇਦਾਰ ਮਾਲਦੇਵ ਝਲੋਰ ਦੇ ਇਲਾਕੇ ਉੱਤੇ ਹਮਲੇ ਕਰਦਾ ਰਹਿੰਦਾ. ਮਾਲਦੇਵ ਨੇ ਹੋਰ ਤਰਾਂ ਹਮੀਰ ਨੂੰ ਕਾਬੂ ਆਉਂਦਾ ਨਾ ਵੇਖਕੇ ਆਪਣੀ ਬੇਟੀ ਦਾ ਨਾਤਾ ਭੇਜਿਆ, ਜੋ ਹਮੀਰ ਨੇ ਮਨਜ਼ੂਰ ਕਰ ਲਿਆ. ਵਿਆਹ ਹੋਣ ਪੁਰ ਲੜਕੀ ਨੇ ਦੱਸਿਆ ਕਿ ਮੈਂ ਪਹਿਲਾਂ ਵਿਆਹੀ ਹੋਈ ਅਤੇ ਵਿਧਵਾ ਹਾਂ. ਹਮੀਰ ਨੇ ਇੱਕ ਵਾਰ ਮਾਲਦੇਵ ਦੀ ਗੈਰ ਹਾਜਿਰੀ ਵਿੱਚ ਉਸ ਦੇ ਇਲਾਕੇ ਜਾਕੇ ਸਾਰੀ ਫੌਜ ਨੂੰ ਆਪਣੀ ਵੱਲ ਕਰਕੇ ਸਾਰਾ ਸੂਬਾ ਆਪਣੇ ਕਬਜੇ ਕਰ ਲਿਆ।
5. ਕਲ੍ਯਾਣ ਠਾਟ ਦਾ ਇੱਕ ਸੰਪੂਰਣ ਰਾਗ ਹੱਮੀਰ, ਜਿਸ ਵਿੱਚ ਵਾਦੀ ਧੈਵਤ ਹੈ.{500} ਆਰੋਹੀ ਵਿੱਚ ਨਿਸ਼ਾਦ ਅਤੇ ਅਵਰੋਹੀ ਵਿੱਚ ਗਾਂਧਾਰ ਦੁਰਬਲ ਹੈ. ਹਮੀਰ ਵਿੱਚ ਸ਼ੁੱਧ ਮੱਧਮ ਭੀ ਦੁਰਬਲ ਹੋਕੇ ਲਗ ਜਾਂਦਾ ਹੈ.
ਆਰੋਹੀ- ਸ਼ ਰ ਸ਼ ਗ ਮੀ ਧ ਨ ਧ ਸ਼.
ਅਵਰੋਹੀ- ਸ਼ ਨ ਧ ਪ ਮੀ ਪ ਧ ਪ ਗ ਮੀ ਰ ਸ਼.
Footnotes:
{499} ਤਾਰੀਖ ਫ਼ਰਿਸ਼੍ਤਾ ਵਿੱਚ ਲਿਖਿਆ ਹੈ ਕਿ ਮੁਹੰਮਦ ਸ਼ਾਹ ਜ਼ਖਮੀ ਹੋਏ ਨੂੰ ਅਲਾਉੱਦੀਨ ਨੇ ਪੁੱਛਿਆ ਕਿ ਜੇ ਤੇਰੇ ਜ਼ਖਮਾਂ ਦਾ ਇਲਾਜ ਕਰਕੇ ਤੈਨੂੰ ਰਾਜ਼ੀ ਕੀਤਾ ਜਾਵੇ, ਤਾਂ ਮੇਰੇ ਨਾਲ ਕੀ ਸਲੂਕ ਕਰੇਂ? ਮੁਹੰਮਦ ਸ਼ਾਹ ਨੇ ਉੱਤਰ ਦਿੱਤਾ ਕਿ ਤੈਨੂੰ ਕਤਲ ਕਰਕੇ ਹਮੀਰ ਦੇ ਪੁਤ੍ਰ ਨੂੰ ਬਾਦਸ਼ਾਹ ਬਣਾਵਾਂ. ਇਹ ਸੁਣਕੇ ਅਲਾਉੱਦੀਨ ਨੇ ਮੁਹੰਮਦ ਸ਼ਾਹ ਨੂੰ ਹਾਥੀ ਦੇ ਪੈਰਾਂ ਹੇਠ ਕੁਚਲ ਕੇ ਮਰਵਾ ਦਿੱਤਾ.
{500} ਕਿਤਨੇ ਸੰਗੀਤਾਂ ਵਿੱਚ ਪੰਚਮ ਵਾਦੀ ਲਿਖਿਆ ਹੈ.